ਬੰਦੀ ਸਿੰਘਾਂ ਦੀ ਰਿਹਾਈ ਸਮੇਤ ਸਿੱਖ ਪੰਥ ਦੇ ਕਈ ਅਹਿਮ ਮੁੱਦਿਆਂ ਦੇ ਇਨਸਾਫ਼ ਲਈ ਚੰਡੀਗੜ੍ਹ-ਮੁਹਾਲੀ ਸਰਹੱਦ ਉੱਤੇ ਲੱਗੇ ਕੌਮੀ ਇਨਸਾਫ਼ ਮੋਰਚਾ ਵੱਲੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਵੱਲ ਨੂੰ ਰੋਸ ਮਾਰਚ ਕੱਢਿਆ ਗਿਆ ਹੈ। ਪ੍ਰਦਰਸ਼ਨਕਾਰੀ ਸੀਐੱਮ ਮਾਨ ਦੀ ਰਿਹਾਇਸ਼ ਦੇ ਮੂਹਰੇ ਜਾਪ ਅਤੇ ਅਰਦਾਸ ਕਰਨਗੇ। ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਧਰਮ ਪਿਤਾ ਬਾਪੂ ਗੁਰਚਰਨ ਸਿੰਘ ਵੱਲੋਂ ਇਸ ਮੋਰਚੇ ਦੀ ਅਗਵਾਈ ਕੀਤੀ ਜਾ ਰਹੀ ਹੈ।

ਇਸ ਮੌਕੇ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਪੁਖਤੇ ਪ੍ਰਬੰਧ ਕੀਤੇ ਗਏ ਹਨ। ਪੁਲਿਸ ਵੱਲੋਂ ਤਿੰਨ ਤੋਂ ਚਾਰ ਲੇਅਰ ਬੈਰੀਕੇਡਿੰਗ ਕੀਤੀ ਗਈ। ਇਹ ਮੋਰਚਾ 7 ਜਨਵਰੀ 2023 ਨੂੰ ਲੱਗਾ ਸੀ, ਜਿਸਨੂੰ ਕੱਲ੍ਹ 7 ਫਰਵਰੀ ਨੂੰ ਇੱਕ ਮਹੀਨਾ ਪੂਰਾ ਹੋ ਜਾਵੇਗਾ।

ਦੂਜੇ ਬੰਨੇ ਮੋਰਚੇ ਵਿੱਚ ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਇਹ ਮੋਰਚਾ ਸਮੁੱਚੀ ਸਿੱਖ ਕੌਮ ਅਤੇ ਇਨਸਾਫ਼ ਪੰਸਦ ਲੋਕਾਂ ਦਾ ਮੋਰਚਾ ਹੈ, ਮੋਰਚੇ ਵਿਚ ਚੱਲ ਕੇ ਆਉਣ ਵਾਲੇ ਹਰ ਸੱਜਣ ਦਾ ਭਰਵਾਂ ਸਵਾਗਤ ਹੈ ਪਰ ਜੋ ਲੋਕ ਮੋਰਚੇ ਨੂੰ ਢਾਹ ਲਗਾਉਣ ਦੇ ਮਨਸੂਬੇ ਬਣਾ ਰਹੇ ਹਨ, ਉਹ ਸੰਗਤੀ ਰੂਪ ਵਿਚ ਤਾਂ ਇੱਥੇ ਆ ਸਕਦੇ ਹਨ ਪਰ ਉਹ ਮੋਰਚੇ ਵਿਚ ਕਿਸੇ ਕਿਸਮ ਦੀ ਸੇਵਾ ਜਾਂ ਦਖਲ ਅੰਦਾਜ਼ੀ ਨਾ ਕਰਨ, ਜੇ ਕੋਈ ਅਜਿਹਾ ਕਰੇਗਾ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ।

ਉਨ੍ਹਾਂ ਕਿਹਾ ਕਿ ਸੰਗਤ ਦੇ ਸਹਿਯੋਗ ਨਾਲ ਇਹ ਮੋਰਚਾ ਪੰਥਕ ਹੀ ਰਹੇਗਾ। ਉਨ੍ਹਾਂ ਨੇ ਐਲਾਨ ਕੀਤਾ ਕਿ ਮੋਰਚਾ ਕਮੇਟੀ ਵੱਲੋਂ ਜੋ ਫੈਸਲਾ ਕੀਤਾ ਜਾਵੇਗਾ, ਉਹ ਸੰਗਤ ਦੇ ਸਾਹਮਣੇ ਰੱਖਿਆ ਜਾਵੇਗਾ। ਬਾਪੂ ਗੁਰਚਰਨ ਸਿੰਘ ਨੇ ਸੰਗਤ ਵਿਚ ਸਪੱਸ਼ਟ ਕੀਤਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਬਹੁਤ ਜ਼ਰੂਰੀ ਹੈ ਪਰ ਉਸ ਤੋਂ ਵੀ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨਾ ਸਭ ਤੋਂ ਵੱਧ ਜ਼ਰੂਰੀ ਹੈ।

By admin

Leave a Reply

Your email address will not be published. Required fields are marked *